ਅਕਾਲ ਤਖ਼ਤ ਦੀ ਪਹਿਰੇਦਾਰੀ ਕਿਵੇਂ ਕੀਤੀ ਜਾਵੇ?

ਅਕਾਲ ਤਖ਼ਤ ਦੀ ਪਹਿਰੇਦਾਰੀ ਕਿਵੇਂ ਕੀਤੀ ਜਾਵੇ?


ਸਰਦਾਰਾ ਸਿੰਘ ਜੌਹਲ
ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਿਗੋਬਿੰਦ ਜੀ ਨੇ ਸਾਨੂੰ ਮੀਰੀ-ਪੀਰੀ ਦਾ ਸਿਧਾਂਤ ਬਖਸ਼ਿਆ। ਮੀਰੀ-ਪੀਰੀ ਦੇ ਸਿਧਾਂਤ  ਦੀ ਪਹਿਰੇਦਾਰੀ ਸਾਡੇ ਅਕਾਲ ਤਖ਼ਤ ਦੀ ਪਹਿਰੇਦਾਰੀ ਹੈ। ਸਿੱਖ ਸਮਾਜ ਵਿਚ ਅਕਾਲ ਤਖ਼ਤ ਦੀ ਉਚਤਾ ਇਸਾਈ ਧਰਮ ਦੇ ਪੋਪ ਤੋਂ ਵੀ ਅਸੂਲੀ ਤੌਰ ਉਤੇ ਵੱਧ ਹੈ। ਪੋਪ ਤਾਂ ਸਿਰਫ ਇਸਾਈ ਧਰਮ ਦਾ ਹੀ ਵਾਚਕ/ਰਾਖਾ ਹੈ, ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖ ਧਰਮ ਤੇ ਪੰਥ ਦਾ ਸਰਬ-ਉਚ ਸਥਾਨ ਤਾਂ ਹੈ ਹੀ ਪਰ ਇਸ ਦੇ ਨਾਲ ਹੀ ਮਨੁੱਖਤਾ ਦੀ ਏਕਤਾ, ਪ੍ਰਫੁੱਲਤਾ ਤੇ ਮਨੁੱਖੀ ਕਦਰਾਂ ਕੀਮਤਾਂ ਦੀ ਰਖਵਾਲੀ ਦਾ ਜ਼ਾਮਨ ਤੇ ਪਹਿਰੇਦਾਰ ਵੀ ਹੈ।
ਸਭ ਤੋਂ ਪਹਿਲੋਂ ਅਜੋਕੇ ਹਾਲਾਤ ਵਿਚ ਮੀਰੀ-ਪੀਰੀ ਦੇ ਸਿਧਾਂਤ ਨੂੰ ਵਿਚਾਰਨ ਦੀ ਲੋੜ ਹੈ।
1. ਪਹਿਲੀ ਗੱਲ ਹੈ ਕਿ ਗੁਰੂ ਸਾਹਿਬਾਨ ਦੇ ਸਮੇਂ ਸਿੱਖ ਸਮਾਜ ਛੋਟਾ ਜਿਹਾ ਸਮਾਜ ਸੀ ਤੇ ਸਿਰਫ ਪੰਜਾਬ ਵਿਚ ਹੀ ਸੀ। ਗੁਰੂ ਸਾਹਿਬ ਆਪ ਇਸ ਸਮਾਜ ਦੇ ਮਾਲਕ, ਪ੍ਰਬੰਧਕ ਅਤੇ ਮਾਰਗ ਦਰਸ਼ਕ ਸਨ। ਮਿਲ ਬੈਠਣਾ ਅਤੇ ਫੈਸਲੇ ਕਰਨੇ ਅਸਾਨ ਸਨ।
2. ਉਸ ਤੋਂ ਪਿਛੋਂ ਅਕਾਲੀ ਫੂਲਾ ਸਿੰਘ ਵਰਗੇ ਸੂਰਮੇ ਵੀ ਅਕਾਲ ਤਖ਼ਤ ਦੇ ਜਥੇਦਾਰ ਰਹੇ ਹਨ, ਜਿਨ੍ਹਾਂ ਤੋਂ ਮਹਾਰਾਜਾ ਰਣਜੀਤ ਸਿੰਘ ਵੀ ਭੈਅ ਖਾਂਦਾ ਸੀ ਅਤੇ ਆਪਣੀ ਪਿੱਠ ਉਤੇ ਕੋਰੜੇ ਖਾਣ ਲਈ ਤਿਆਰ ਹੋ ਗਿਆ ਸੀ। ਦੂਜੇ, ਉਸ ਵਕਤ ਕੋਈ ਲੋਕਤੰਤਰ ਨਹੀਂ ਸੀ ਅਤੇ ਅੱਜ ਵਾਂਗੂੰ ਸਿਆਸੀ ਪਾਰਟੀਆਂ ਚੋਣਾਂ ਨਹੀਂ ਸਨ ਲੜਦੀਆਂ।
3. ਤੀਜੇ ਅੱਜ ਸਿੱਖ ਕਿਸੇ ਇਕ ਪਾਰਟੀ ਵਿਚ ਮਹਿਦੂਦ ਨਹੀਂ ਸਗੋਂ ਤਕਰੀਬਨ ਹਰ ਪਾਰਟੀ ਵਿਚ ਮੌਜੂਦ ਹਨ।
4. ਚੌਥੇ ਸਿੱਖ ਸਿਰਫ ਪੰਜਾਬ ਵਿਚ ਹੀ ਨਹੀਂ, ਸਗੋਂ ਸਾਰੇ ਹਿੰਦੋਸਤਾਨ ਅਤੇ ਦੇਸਾਂ-ਪਰਦੇਸਾਂ ਵਿਚ ਵਸੇ ਹੋਏ ਅਤੇ ਕਾਰਜਸ਼ੀਲ ਹਨ। ਕੋਈ ਦੇਸ਼ ਹੀ ਐਸਾ ਹੋਵੇਗਾ ਜਿਥੇ ਕੋਈ ਸਿੱਖ ਨਾ ਹੋਵੇ।
(À) ਅੱਜ ਸਥਿਤੀ ਬਹੁਤ ਬਦਲ ਚੁੱਕੀ ਹੈ : ਅੱਜ ਦੇ ਸਿਆਸੀ ਵਾਤਾਵਰਣ ਵਿਚ ਕੋਈ ਇਕ ਸਿਆਸੀ ਪਾਰਟੀ ਸਿੱਖ ਸਮਾਜ ਦਾ ਪ੍ਰਤੀਨਿਧ ਹੋਣ ਦਾ ਦਾਅਵਾ ਨਹੀਂ ਕਰ ਸਕਦੀ। ਇਸ ਦੀ ਆੜ ਵਿਚ ਸਿੱਖਾਂ ਦੀਆਂ ਧਾਰਮਿਕ ਸੰਸਥਾਵਾਂ ਉਤੇ ਕਬਜ਼ਾ ਜਮਾਉਣ ਦਾ ਹੱਕ ਨਹੀਂ ਰੱਖਦੀ। ਪਰ ਜਿਹੜੀ ਪਾਰਟੀ ਦੇ ਨੁਮਾਇੰਦਿਆਂ ਨੂੰ ਬਹੁਗਿਣਤੀ ਵਿਚ ਵੋਟਾਂ ਪਾ ਕੇ ਸਿੱਖ ਚੁਣ ਲੈਣ, ਉਹ ਇਹ ਭੁਲੇਖਾ ਪਾ ਸਕਦੀ ਹੈ। ਇਸ ਗੱਲ ਤੋਂ ਜਾਗਰੂਕ ਰਹਿਣਾ ਜ਼ਰੂਰੀ ਹੈ।
ਅੱਜ ਦੀ ਸਿਆਸਤ, ਹਿੰਦੁਸਤਾਨ ਦੇ ਵਿਧਾਨ (ਕੰਨਸਟੀਚਿਊਸ਼ਨ) ਮੁਤਾਬਕ ਮੀਰੀ (ਸਿਆਸਤ) ਅਤੇ ਪੀਰੀ (ਧਰਮ) ਇਕੱਠੀ ਨਹੀਂ ਚੱਲ ਸਕਦੀ। ਵਿਧਾਨ ਮੁਤਾਬਕ ਕੋਈ ਵੀ ਸਿਆਸੀ ਪਾਰਟੀ ਧਰਮ ਦੇ ਪਲੇਟਫਾਰਮ ਤੋਂ ਚੋਣਾਂ ਨਹੀਂ ਲੜ ਸਕਦੀ। ਪਰ ਸਿੱਖ ਸਮਾਜ ਵਿਚ ਮੀਰੀ-ਪੀਰੀ ਦੇ ਸਿਧਾਂਤ ਨੂੰ ਤਿਲਾਂਜਲੀ ਨਹੀਂ ਦਿਤੀ ਜਾ ਸਕਦੀ। ਇਸ ਲਈ ਇਸ ਸਿਧਾਂਤ ਬਾਰੇ ਪੁਨਰ-ਵਿਚਾਰ ਕਰਕੇ, ਮੀਰੀ ਅਤੇ ਪੀਰੀ ਦੇ ਸਿਧਾਂਤ ਨੂੰ ਇਕ ਥਾਂ ਕਰਕੇ, ਕਿਸੇ ਇਕ ਸਿਆਸੀ ਪਾਰਟੀ ਦੀ ਅਜਾਰੇਦਾਰੀ ਵੀ ਕਬੂਲ ਨਹੀਂ ਕੀਤੀ ਜਾ ਸਕਦੀ। ਇਹੋ ਕਾਰਨ ਹੈ ਕਿ ਇਸ ਸਿਧਾਂਤ ਦੀ ਆੜ ਵਿਚ ਇਕ ਸਿਆਸੀ ਪਾਰਟੀ ਨੇ ਸਾਰੀਆਂ ਹੀ ਸਿੱਖ ਸੰਸਥਾਵਾਂ ਦਾ ਸਿਆਸੀਕਰਨ ਕਰਕੇ ਸਿੱਖ ਸਮਾਜ ਦੀ ਪ੍ਰਤੀਬੱਧਤਾ ਅਤੇ ਵਕਾਰ ਉਤੇ ਸੱਟ ਹੀ ਨਹੀਂ ਮਾਰੀ ਸਗੋਂ ਵਿਅਕਤੀਗਤ ਕਬਜ਼ਾ ਕਰਕੇ ਇਨ੍ਹਾਂ ਸੰਸਥਾਵਾਂ ਨੂੰ ਨਿਗੂਣਾ ਤੇ ਅਸਰਹੀਣ ਬਣਾ ਦਿੱਤਾ ਹੈ। ਸੱਚ ਕਹਾਂ ਤਾਂ ਅੱਜ ਸਾਡੀਆਂ ਧਾਰਮਿਕ ਸੰਸਥਾਵਾਂ ਦੀ ਹਾਲਤ ਪੁਰਾਣੇ ਮਸੰਦਾਂ ਦੇ ਕਬਜ਼ੇ ਵਾਲੀ ਹਾਲਤ ਦੇ ਨੇੜੇ-ਤੇੜੇ ਹੀ ਪਹੁੰਚ ਗਈ ਹੈ। ਸਿੱਖ ਕੌਮ ਦੇ ਸੂਰਮਿਆਂ ਤੇ ਸ਼ਹੀਦਾਂ ਦੀਆਂ ਕੁਰਬਾਨੀਆਂ ਅਜਾਈਂ ਜਾਂਦੀਆਂ ਨਜ਼ਰ ਆ ਰਹੀਆਂ ਹਨ।
(ਅ) ਹੁਣ ਸਵਾਲ ਪੈਦਾ ਹੁੰਦਾ ਹੈ ਕਿ ਇਸ ਦਾ ਇਲਾਜ ਕੀ ਹੈ ਅਤੇ ਇਹ ਸਥਿਤੀ ਸੁਧਰ ਕਿਵੇਂ ਸਕਦੀ ਹੈ : ਮੀਰੀ-ਪੀਰੀ ਦੇ ਸਿਧਾਂਤ ਨੂੰ ਅਜੋਕੇ ਹਾਲਾਤ ਵਿਚ ਅਸਰਦਾਰ ਕਰਨ ਲਈ ਜ਼ਰੂਰੀ ਬਣਦਾ ਹੈ ਕਿ ਅਕਾਲ ਤਖ਼ਤ ਦੀ ਉਚਤਾ, ਸ਼ਕਤੀ ਅਤੇ ਅਧਿਕਾਰ ਖੇਤਰ ਨੂੰ ਪੂਰੀ ਤਰ੍ਹਾਂ ਪ੍ਰੀਭਾਸ਼ਿਤ ਕਰਕੇ ਇਸ ਅਨੁਸਾਰ ਪ੍ਰਬੰਧ ਦੀ ਸਿਰਜਣਾ ਕੀਤੀ ਜਾਵੇ। ਇਸ  ਦੇ ਪ੍ਰਬੰਧ ਨੂੰ ਸਿੱਖ ਸਮਾਜ ਤੇ ਮਨੁੱਖੀ ਭਾਈਚਾਰੇ ਦੇ ਸਰੋਕਾਰਾਂ ਦੇ ਅਨੁਕੂਲ ਉਸਾਰਿਆ ਜਾਵੇ ਤਾਂ ਜੋ ਸ੍ਰੀ ਤਖ਼ਤ ਸਾਹਿਬ ਦਾ ਸਿੱਖ ਸਮਾਜ ਵਿਚ ਬਣਦਾ ਸਨਮਾਨ ਸੁਰੱਖਿਅਤ ਕੀਤਾ ਜਾ ਸਕੇ। ਅਕਾਲ ਤਖਤ ਦੀ ਪਕੜ ਧਾਰਮਿਕ, ਆਰਥਿਕ, ਸਾਮਾਜਿਕ, ਵਿਦਿਅਕ, ਰਾਜਨੀਤਕ ਹੋ ਸਕੇਗੀ ਜੇ ਇਸ ਦੇ ਜਥੇਦਾਰ ਸਿੰਘ ਸਾਹਿਬ ਇਕ ਉਚ ਕੋਟੀ ਦੇ ਵਿਦਵਾਨ, ਉਚ ਕੋਟੀ ਦੇ ਪ੍ਰਬੰਧਕ, ਰਹਿਤ-ਮਰਿਯਾਦਾ ਅਤੇ ਕਿਰਦਾਰ ਦੀ ਜਿਉਂਦੀ ਜਾਗਦੀ, ਚਲਦੀ ਫਿਰਦੀ ਮੂਰਤ ਅਤੇ ਸਵੈਮਾਣ ਦੀ ਮਿਸਾਲੀ ਸਖਸ਼ੀਅਤ ਹੋਵੇ। ਪੱਖਪਾਤ ਉਨ੍ਹਾਂ ਦੇ ਨੇੜਿਉਂ ਦੀ ਨਾ ਲੰਘਿਆ ਹੋਵੇ। ਬਹੁਤ ਜ਼ਰੂਰੀ ਹੈ ਕਿ ਕਿਸੇ ਇਕ ਸੰਸਥਾ ਦਾ ਵਿਅਕਤੀ ਨਿਯੁਕਤ ਨਾ ਕੀਤਾ ਹੋਵੇ ਅਤੇ ਉਸ ਦੀ ਹੈਸੀਅਤ ਇਕ ਕਰਮਚਾਰੀ ਵਾਲੀ ਨਾ ਹੋਵੇ।
(Â) ਜਥੇਦਾਰ ਅਤੇ ਪੰਜ ਪਿਆਰਿਆਂ ਦੀ ਨਿਯੁਕਤੀ ਦੀ ਵਿਧੀ ਕੀ ਹੋਵੇ : ਪਹਿਲੀ ਗੱਲ ਇਹ ਹੈ ਕਿ ਸਿੱਖ ਸਮਾਜ ਦੇ ਮਾਣਮੱਤੇ ਉਚਤਮ ਅਸਥਾਨ ਵਾਸਤੇ ਜਥੇਦਾਰ ਸਿੰਘ ਸਾਹਿਬ ਉਪਰ ਦਰਸਾਈਆਂ ਸਿਫਤਾਂ ਦੇ ਮਾਲਕ ਦੀ ਚੋਣ ਇਕ 'ਕੁਲਿਜੀਅਮ' ਰਾਹੀਂ ਹੋਵੇ ਜੋ ਸਿੱਖਾਂ ਦੇ ਸਾਰੇ ਵਰਗਾਂ ਦੀ ਨੁਮਾਇੰਦਗੀ ਕਰਦਾ ਹੋਵੇ। ਇਸ ਕੁਲਿਜੀਅਮ ਵਿਚ ਇਕਵੰਜਾ ਨੁਮਾਇੰਦੇ ਇੰਜ ਹੋ ਸਕਦੇ ਹਨ —
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 11
ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ 3
ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ 4
ਚਾਰ ਤਖ਼ਤਾਂ ਦੀਆਂ ਕਮੇਟੀਆਂ ਦੇ ਨੁਮਾਇੰਦੇ 4*3=12
ਅਮਰੀਕਾ ਦੇ ਗੁਰਦੁਆਰੇ 4
ਕੈਨੇਡਾ ਦੇ ਗੁਰਦੁਆਰੇ 4
ਯੂਨਾਈਟੇਡ ਕਿੰਗਡਮ ਦੇ ਗੁਰਦੁਆਰੇ 5
ਯੂਰਪ ਦੇ ਗੁਰਦੁਆਰੇ 2
ਥਾਈਲੈਂਡ ਦੇ ਗੁਰਦੁਆਰੇ 1
ਦੂਸਰੇ ਹੋਰ 5
ਕੁੱਲ 51
ਇਹ ਗਿਣਤੀ ਘੱਟ ਵੱਧ ਵੀ ਹੋ ਸਕਦੀ ਹੈ। ਸ਼੍ਰੋਮਣੀ  ਕਮੇਟੀ ਦੀ ਨੁਮਾਇੰਦਗੀ ਸਭ ਤੋਂ ਵੱਧ ਹੋਵੇ ਪਰ ਬਹੁਮਤ ਨਾ ਹੋਵੇ। ਇਨ੍ਹਾਂ ਨੁਮਾਇੰਦਿਆਂ ਨੂੰ ਪੋਪ ਦੀ ਚੋਣ ਵਾਂਗ, ਤੇਜਾ ਸਿੰਘ ਸਮੁੰਦਰੀ ਹਾਲ ਵਿਚ ਬੰਦ ਕਰ ਦਿੱਤਾ ਜਾਏ। ਪਰ ਓਨੀ ਦੇਰ ਬਾਹਰ ਨਾ ਨਿਕਲ ਸਕਣ ਜਦੋਂ ਤਕ ਪੰਜੋਂ ਹੀ ਤਖ਼ਤਾਂ ਦੇ ਜਥੇਦਾਰ ਸਿੰਘ ਸਾਹਿਬ ਅਤੇ ਹਰ ਤਖ਼ਤ ਦੇ ਪੰਜ ਪਿਆਰੇ ਸਰਬਸੰਮਤੀ ਨਾਲ ਚੁਣੇ ਨਾ ਜਾਣ। ਇਸ ਵਿਧੀ ਨਾਲ ਇਨ੍ਹਾਂ ਤਖ਼ਤਾਂ ਦੇ ਜਥੇਦਾਰਾਂ ਅਤੇ ਪੰਜ ਪਿਆਰਿਆਂ ਉਤੇ ਕਿਸੇ ਸੰਸਥਾ ਜਾਂ ਵਿਅਕਤੀ ਦਾ ਪ੍ਰਭਾਵ ਜਾਂ ਦਬਾਓ ਨਹੀਂ ਰਹਿ ਜਾਂਦਾ।
ਪੰਜ ਪਿਆਰਿਆਂ ਨੂੰ ਗੁਰੂ ਮਹਾਰਾਜ ਨੇ ਆਪਣੇ ਤੋਂ ਉਚਾ ਸਥਾਨ ਦਿੱਤਾ ਹੈ। ਇਹ ਪੰਜ ਪਿਆਰਿਆਂ ਦਾ ਹੁਕਮ ਹੀ ਸੀ ਜੋ ਦਸਮ ਪਾਤਸ਼ਾਹ ਨੂੰ ਚਮਕੌਰ ਦੀ ਗੜ੍ਹੀ ਛੱਡਣੀ ਪਈ ਸੀ। ਇਸ ਤਰ੍ਹਾਂ ਪੰਜਾਂ ਪਿਆਰਿਆਂ ਨੂੰ ਪੰਜੋਂ ਹੀ ਤਖ਼ਤਾਂ ਅਤੇ ਜਥੇਦਾਰ ਸਿੰਘ ਸਾਹਿਬ ਦੇ ਨਿਗਰਾਨ ਅਤੇ ਸਹਾਇਕ ਮੰਨਿਆ ਜਾਏ। ਨਾ ਹੀ ਇਨ੍ਹਾਂ ਤਖ਼ਤਾਂ ਦੇ ਜਥੇਦਾਰ ਅਤੇ ਨਾ ਹੀ ਇਹ ਪੰਜ ਪਿਆਰੇ ਕਿਸੇ ਵੀ ਸੰਸਥਾ ਦੇ ਕਰਮਚਾਰੀ ਸਮਝੇ ਜਾਣ। ਇਸ ਵਿਧੀ ਨਾਲ ਚੁਣੀਆਂ ਇਹ ਉਚਤਮ ਹਸਤੀਆਂ ਕਿਸੇ ਦੀਆਂ ਨਿਯੁਕਤ ਕੀਤੀਆਂ ਅਸਾਮੀਆਂ ਨਹੀਂ ਰਹਿ ਜਾਂਦੀਆਂ।
ਬਦਕਿਸਮਤੀ ਇਹ ਕਿ ਸਿੱਖ ਸਮਾਜ ਦੀਆਂ ਇਨ੍ਹਾਂ ਸਿਰਮੌਰ ਸ਼ਖਸੀਅਤਾਂ ਨਾਲ ਪਿਛਲੇ ਸਮੇਂ ਵਿਚ ਕਰਮਚਾਰੀਆਂ ਵਾਂਗੂੰ ਸਲੂਕ ਕੀਤਾ ਗਿਆ ਹੈ। ਪੰਜ ਪਿਆਰੇ ਸਸਪੈਂਡ ਕਰ ਦਿੱਤੇ, ਟਰਾਂਸਫਰ ਕਰ ਦਿੱਤੇ, ਨੌਕਰੀਓਂ ਕੱਢ ਦਿੱਤੇ। ਇਸ ਤੋਂ ਵੱਧ ਇਤਰਾਜ਼ਯੋਗ ਵਰਤਾਰਾ ਹੋਰ ਕੀ ਹੋ ਸਕਦਾ ਹੈ।
ਦੂਜੇ ਪਾਸੇ ਅਕਾਲ ਤਖ਼ਤ ਦਾ ਜਥੇਦਾਰ ਸਿੰਘ ਸਾਹਿਬ ਐਸਾ ਨਹੀਂ ਹੋਣਾ ਚਾਹੀਦਾ ਜੋ ਕਿਸੇ ਦਬਾਅ ਹੇਠ 'ਚਿੜੀਓ ਮਰ ਜਾਓ, ਚਿੜੀਓ ਜ਼ਿੰਦਾ ਹੋ ਜਾਓ' ਵਾਲੀ ਸਥਿਤੀ ਪੈਦਾ ਕਰ ਦੇਵੇ, ਜਾਂ ਫੇਰ ਜਾਂਦਾ ਜਾਂਦਾ ਪੀਸੀਓ ਤੋਂ ਹੁਕਮਨਾਮਾ ਜਾਰੀ ਕਰ ਦੇਵੇ।
(ਸ) ਹੁਕਮਨਾਮਾ ਜਾਰੀ ਕਰਨ ਦੀ ਵਿਧੀ ਬਾਰੇ ਸੁਝਾਅ : ਇਹ ਚੋਣ ਵਿਧੀ ਇਨ੍ਹਾਂ ਸੰਸÎਥਾਵਾਂ ਅਤੇ ਮਾਣਮੱਤੀਆਂ ਹਸਤੀਆਂ ਨੂੰ ਕਿਸੇ ਵੀ ਸਿਆਸੀ ਪ੍ਰਭਾਵ ਤੋਂ ਉੱਪਰ ਉਠਾ ਦੇਵੇਗੀ ਅਤੇ ਆਜ਼ਾਦਾਨਾ ਤੌਰ ਉਤੇ ਸਹੀ ਫੈਸਲੇ ਲੈਣ ਦੇ ਕਾਬਲ ਬਣਾ ਦੇਵੇਗੀ।
ਇਸ ਦੇ ਨਾਲ ਇਹ ਵੀ ਲਾਜ਼ਮੀ ਹੈ ਕਿ ਹੁਕਮਨਾਮੇ ਬਹੁਤ ਹੀ ਘੱਟ ਅਤੇ ਸੰਜਮ ਨਾਲ ਜਾਰੀ ਕੀਤੇ ਜਾਣ। ਕੋਈ ਵੀ ਹੁਕਮਨਾਮਾ ਜਾਰੀ ਕਰਨ ਤੋਂ ਪਹਿਲੋਂ ਪੰਜੇ ਤਖ਼ਤਾਂ ਦੀ ਮੀਟਿੰਗ ਹੋਵੇ ਅਤੇ ਸਲਾਹ ਨਾਲ ਹੁਕਮਨਾਮਾ ਜਾਰੀ ਹੋਵੇ। ਜਦ ਏਨਾ ਸੋਚ-ਸਮÎਝ ਕੇ ਅਤੇ ਸੰਜਮ ਨਾਲ ਹੁਕਮਨਾਮਾ ਜਾਰੀ ਹੋਵੇਗਾ ਤਾਂ ਸਮਾਜ ਨੂੰ ਝੰਜੋੜ ਕੇ ਰੱਖ ਦੇਵੇਗਾ।
(ਹ) ਸਜ਼ਾ ਦਾ ਸੰਕਲਪ ਨਹੀਂ ਸਗੋਂ ਬਖਸ਼ਿਸ਼ਾਂ ਦਾ ਦਰ : ਇਹ ਵੀ ਯਾਦ ਰੱਖਣ ਵਾਲੀ ਗੱਲ ਹੈ ਕਿ ਗੁਰੂ ਘਰ ਵਿਚ ਸਜ਼ਾ ਦਾ ਤਾਂ ਸੰਕਲਪ ਹੀ ਨਹੀਂ ਹੈ। ਇਥੇ ਤਾਂ ਬਖਸ਼ਿਸ਼ਾਂ ਹੀ ਬਖਸ਼ਿਸ਼ਾਂ ਹਨ। ਗੁਰੂ ਘਰ ਵਿਚ ਸੇਵਾ ਦਾ ਬੜਾ ਉਚਾ ਦਰਜਾ ਹੈ। ਸੇਵਾ ਮਨਮੁੱਖ ਨੂੰ ਗੁਰਮੁੱਖ ਬਣਾਉਂਦੀ ਹੈ। ਪਰ ਜੇ ਸੇਵਾ ਤਨਖਾਹ ਵਜੋਂ ਦਿੱਤੀ ਜਾਏ ਤਾਂ ਇਸ ਤੋਂ ਵੱਡੀ ਸਜ਼ਾ ਵੀ ਕੋਈ ਨਹੀ। ਗਲ ਵਿਚ 'ਮੈਂ ਗੁਨਾਹਗਾਰ ਹਾਂ' ਦੀ ਫੱਟੀ ਪਾ ਕੇ ਸੇਵਾ ਦੀ ਤਨਖਾਹ ਬੰਦ ਹੋਣੀ ਚਾਹੀਦੀ ਹੈ। ਇਹ ਸ਼ਰਧਾਲੂ ਸਿੱਖ ਦੀ ਸ਼ਖਸੀਅਤ ਉਤੇ ਬਹੁਤ ਡੂੰਘੀ ਸੱਟ ਮਾਰਦੀ ਹੈ।
(ਕ) ਸ੍ਰੀ ਅਕਾਲ ਤਖ਼ਤ ਸਾਹਿਬ ਦਾ ਵੱਖਰਾ ਬਜਟ ਅਤੇ ਉਸ ਦੇ ਪ੍ਰਬੰਧ ਦੀ ਵਿÎਧੀ : ਦੂਸਰਾ ਮਹੱਤਵਪੂਰਨ ਪੱਖ ਇਹ ਹੈ ਕਿ ਇਨ੍ਹਾਂ ਤਖ਼ਤਾਂ ਦਾ ਬਜਟ ਵੱਖਰਾ ਹੋਵੇ ਅਤੇ ਜਥੇਦਾਰ ਸਿੰਘ ਸਾਹਿਬ ਹੀ ਇਸ ਦੇ ਖਰਚੇ ਅਤੇ ਹਿਸਾਬ ਦੇ ਮੁਖੀ ਹੋਣ। ਇਹ ਬਜਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਦੂਸਰੀਆਂ ਗੁਰਦੁਆਰਾ ਕਮੇਟੀਆਂ ਆਪਣੇ ਬਜਟ ਵਿਚ ਇਕ ਵੱਖਰੀ ਬਜਟ ਲੜੀ ਦੇ ਤੌਰ ਉਤੇ ਮੁਹਈਆ ਕਰਨ। ਪਰ ਤਖ਼ਤਾਂ ਦੇ ਖਰਚੇ ਵਿਚ ਕੋਈ ਦਖਲ ਨਹੀਂ ਹੋਣਾ ਚਾਹੀਦਾ। ਆਜ਼ਾਦਾਨਾ ਤੌਰ ਉਤੇ ਜਥੇਦਾਰ ਸਾਹਿਬਾਨ ਦੀ ਮਨਜ਼ੂਰੀ ਅਤੇ ਦੇਖ-ਰੇਖ ਅੰਦਰ ਇਨ੍ਹਾਂ ਤਖ਼ਤਾਂ ਦੇ ਸਕੱਤਰੇਤ ਖਰਚਾ ਕਰਨ ਅਤੇ ਅੰਦਰੂਨੀ ਆਡਿਟ ਰਿਪੋਰਟ ਪ੍ਰਬੰਧਕ ਕਮੇਟੀਆਂ ਨੂੰ ਸੂਚਿਤ ਕਰਨ ਹਿੱਤ ਭੇਜੀ ਜਾਵੇ।
ਇਸ ਤਰ੍ਹਾਂ ਦੇ ਪ੍ਰਬੰਧ ਨਾਲ ਸਿੱਖ ਸਮਾਜ, ਅਕਾਲ ਤਖ਼ਤ ਅਤੇ ਦੂਜੇ ਚਾਰੋਂ ਤਖ਼ਤਾਂ, ਇਨ੍ਹਾਂ ਦੇ ਜਥੇਦਾਰ ਸਿੰਘ ਸਾਹਿਬਾਨ ਅਤੇ ਪੰਜ ਪਿਆਰਿਆਂ ਦਾ ਵਕਾਰ ਵਿਸ਼ਵ-ਪੱਧਰ ਉਤੇ ਮਾਣ ਮੱਤਾ ਹੋ ਜਾਏਗਾ ਅਤੇ ਕੋਈ ਸਿਆਸੀ ਪਾਰਟੀ ਜਾਂ ਵਿਅਕਤੀ ਮੀਰੀ-ਪੀਰੀ ਦੇ ਸਿਧਾਂਤ ਨੂੰ ਅਗਵਾ ਅਤੇ ਕਿਸੇ ਤਰ੍ਹਾਂ ਵੀ ਪ੍ਰਭਾਵਿਤ ਨਹੀਂ ਕਰ ਸਕੇਗਾ। ਇਸ ਵਿਧੀ ਨਾਲ ਸਥਾਪਿਤ ਕੀਤਾ ਅਕਾਲ ਤਖ਼ਤ ਦਾ ਜਥੇਦਾਰ ਸਿੰਘ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਅਜੋਕੀ ਕੋਝੀ ਸਿਆਸਤ ਤੋਂ ਮੁਕਤ ਕਰਵਾ ਸਕਦਾ ਹੈ। ਇਕ ਵਿਆਪਕ ਹੁਕਮਨਾਮਾ ਜਾਰੀ ਕਰਕੇ ਮੈਂਬਰੀ ਦੀ ਚੋਣ ਦੇ ਖਾਹਸ਼ਮੰਦ ਦੀ ਗੈਰਸਿਆਸੀ ਯੋਗਤਾ ਨਿਸਚਿਤ ਕਰ ਸਕਦਾ ਹੈ, ਜਿਵੇਂ ਕਿ ਕੋਈ ਉਮੀਦਵਾਰ ਗਰੇਜੂਏਟ ਤੋਂ ਘੱਟ ਨਾ ਹੋਵੇ, ਕਿਸੇ ਸਿਆਸੀ ਪਾਰਟੀ ਦਾ ਮੈਂਬਰ ਜਾਂ ਵਰਕਰ ਨਾ ਹੋਵੇ। ਗੁਰਬਾਣੀ ਵਿਚ ਪ੍ਰੋੜ੍ਹ ਹੋਵੇ। ਸਿੱਖੀ ਸਿਧਾਂਤਾਂ ਦਾ ਜਾਣੂ ਅਤੇ ਪੈਰੋਕਾਰ ਹੋਵੇ ਆਦਿ। ਇਹ ਸਾਰੀ ਸਹੁੰ ਹਲਫਨਾਮੇ ਉਤੇ ਦੇਵੇ ਤੇ ਇਕ ਵੀ ਅਵੱਗਿਆ ਕਰਨ ਉਤੇ ਉਸ ਦੀ ਮੈਂਬਰੀ ਖਤਮ ਕਰ ਦਿੱਤੀ ਜਾਏ ਆਦਿ।
(ਖ) ਪੰਥ ਵਿਚੋਂ ਛੇਕਣਾ ਤੇ ਸ਼ਾਮਿਲ ਕਰਨਾ : ਜਾਂਦੇ ਜਾਂਦੇ ਇਕ ਹੋਰ ਸਮੱਸਿਆ ਉਤੇ ਵੀ ਮੈਂ ਆਪਣੇ ਵਿਚਾਰ ਤੁਹਾਡੇ ਨਜ਼ਰ ਗੋਚਰੇ ਕਰਨਾ ਚਾਹੁੰਦਾ ਹਾਂ। ਜਦੋਂ ਸਰੀਰ ਦਾ ਕੋਈ ਅੰਗ ਬੀਮਾਰ ਹੋਵੇ, ਖਰਾਬ ਹੋ ਜਾਏ ਤੇ ਤਕਲੀਫ ਦਿੰਦਾ ਹੋਵੇ ਤਾਂ ਉਸ ਨੂੰ ਕੱਟ ਕੇ ਸੁੱਟ ਨਹੀਂ ਦੇਣਾ ਹੁੰਦਾ। ਉਸ ਦਾ ਇਲਾਜ ਕਰਨਾ ਬਣਦਾ ਹੈ। ਮੇਰੀ ਸੋਚਣੀ ਮੁਤਾਬਿਕ ਕੋਈ ਵੀ ਧਰਮ ਛੇਕਣ ਨਾਲ ਪ੍ਰਫੁੱਲਤ ਨਹੀਂ ਹੁੰਦਾ, ਸਗੋਂ ਸ਼ਾਮਿਲ ਕਰਨ ਨਾਲ ਫੈਲਦਾ ਤੇ ਫਲਦਾ ਹੈ। ਜਿਹੜੇ ਬੱਚੇ ਦਾੜ੍ਹੀ ਕੇਸਾਂ ਤੋਂ ਅਵੇਸਲੇ ਹੋ ਕੇ ਦਸਤਾਰਾਂ ਨੂੰ ਵੀ ਛੱਡਦੇ ਜਾ ਰਹੇ ਹਨ, ਉਨ੍ਹਾਂ ਨੂੰ ਸਮਝਾ ਬੁਝਾ ਕੇ ਗਲ ਨਾਲ ਲਾ ਕੇ ਪਿਆਰ ਨਾਲ ਪੰਥ ਵਿਚ ਰਲਾਉਣਾ ਚਾਹੀਦਾ ਹੈ।
(ਗ) ਸਹਿਜਧਾਰੀਆਂ ਨੂੰ ਗਲ ਨਾਲ ਲਾਈਏ : ਮੇਰੀ ਸਮਝ ਮੁਤਾਬਕ, ਸਹਿਜਧਾਰੀ ਸਿੱਖਾਂ ਨੂੰ ਸਿੱਖ ਨਾ ਮੰਨਣਾ, ਇਕ ਕਿਸਮ ਦਾ ਸਿੱਖ ਸਮਾਜ ਦੇ ਸਰੀਰ ਤੋਂ ਇਕ ਬਹੁਗਿਣਤੀ, ਮਹੱਤਵਪੂਰਨ ਅੰਗ ਨੂੰ ਜੁਦਾ ਕਰ ਦੇਣਾ, ਸੌੜੀ ਸਿਆਸੀ ਨੀਤੀ ਦਾ ਨਤੀਜਾ ਹੈ। ਇਹ ਧਰਮ ਪ੍ਰਚਾਰ ਦੀ ਨਾਕਾਮੀ ਦਰਸਾਉਂਦਾ ਹੈ। ਬਜਾਏ ਇਸ ਦੇ ਕਿ ਅਸੀਂ ਆਪਣੇ ਕਿਰਦਾਰ, ਵਿਹਾਰ, ਵਰਤਾਰੇ ਅਤੇ ਕਦਰਾਂ ਕੀਮਤਾਂ ਦੇ ਆਧਾਰ ਉਤੇ ਸਹਿਜਧਾਰੀਆਂ ਨੂੰ ਸਹਿਜੇ ਸਹਿਜੇ ਨੇੜੇ ਲਿਆਈਏ, ਸਾਡੀ ਸੌੜੀ ਸਿਆਸੀ ਨੀਤੀ ਨੇ ਸਹਿਜਧਾਰੀ ਸਿੱਖਾਂ ਨੂੰ ਬੇਦਖਲ ਹੀ ਕਰ ਦਿੱਤਾ ਹੈ।
(ਘ) ਸਿੱਖ ਧਰਮ ਅਤੇ ਇਨਸਾਨੀ ਭਾਈਚਾਰਾ : ਸਤਿਗੁਰ ਨਾਨਕ ਦਾ ਧਰਮ ਤਾਂ ਇਨਸਾਨੀ ਭਾਈਚਾਰੇ ਦਾ ਹੈ। ਮਨੁੱਖਤਾਵਾਦ ਹੀ ਧਰਮ ਹੈ। ਸਤਿਗੁਰ ਨਾਨਕ ਦੀ ਗੁਰਬਾਣੀ ਤਾਂ ਇਕ ਜਗਤ ਜੋਤ ਹੈ। ਇਸ ਦੀ ਲੋਅ ਨੂੰ ਕਿਸੇ ਇਕ ਸੰਪ੍ਰਦਾਇ ਜਾਂ ਬਰਾਦਰੀ ਤਕ ਸੀਮਤ ਨਹੀਂ ਕੀਤਾ ਜਾ ਸਕਦਾ। ਇਹ ਤਾਂ, 'ਏਕ ਨੂਰ ਤੇ ਸਭੁ ਜਗੁ ਉਪਜਿਆ' ਦਾ ਹੋਕਾ ਦਿੰਦੀ ਹੈ।  'ਅਵਲਿ ਅਲਹ ਨੂਰੁ ਉਪਾਇਆ, ਕੁਦਰਤਿ ਕੇ ਸਭ ਬੰਦੇ', 'ਨਾ ਕੋ ਬੈਰੀ ਨਹੀ ਬਿਗਾਨਾ' ਦਾ ਮੰਤਰ ਪੜ੍ਹਾਉਂਦੀ ਹੈ। ਇਹ ਤਾਂ 'ਸਭੈ ਘਟ ਰਾਮੁ ਬੋਲੈ', 'ਸਿਆਮ ਸੁੰਦਰ ਤਜਿ ਨੀਦ ਕਿਉ ਆਈ' ਅਲਾਪਦੀ ਹੈ। ਇਸ ਲਈ ਸਭ ਨਾਲ ਪਿਆਰ ਸਭ ਪ੍ਰਾਣੀ ਮਾਤਰ ਨੂੰ ਗੁਰਬਾਣੀ ਦੇ ਇਕੋ ਜਹੇ ਸਰਬ ਸਾਂਝੇ ਸੰਦੇਸ਼ ਅਨੁਸਾਰ ਆਪਣਾ ਜੀਵਨ ਸਫਲਾ ਕਰਨ ਵਲ ਤੋਰਨਾ ਗੁਰੂ ਸਾਹਿਬ ਨੇ ਸਾਨੂੰ ਸਿਖਾਇਆ ਹੈ।
ਸਵਾਲ ਇਹ ਹੈ ਕਿ ਕੀ ਨੌਂ ਗੁਰੂ ਸਾਹਿਬਾਨ ਦੇ ਜ਼ਮਾਨੇ ਵਿਚ ਸਿੱਖ ਨਹੀਂ ਸਨ। ਦੂਜੇ ਕੀ ਗੁਰਬਾਣੀ ਵਿਚ ਮੁਸਲਮਾਨ ਫਕੀਰਾਂ, ਸਾਈਆਂ, ਭੱਟਾਂ, ਭਗਤਾਂ ਦੀ ਬਾਣੀ ਨਹੀਂ। ਇਸ ਜਾਗਤ ਜੋਤ ਦਾ ਫੈਲਾਓ ਸਾਰੀ ਦੁਨੀਆ ਉਤੇ ਕਿਉਂ ਨਹੀਂ ਹੋਣ ਦਿੱਤਾ ਜਾਂਦਾ? ਅਸੀਂ ਸਤਿਗੁਰੂ ਬਾਬੇ ਨਾਨਕ ਦੀ ਮਨੁੱਖਤਾ ਨੂੰ ਕਿਸੇ ਸੀਮਾ ਵਿਚ ਨਾ ਬੰਨ੍ਹੀਏ ਅਤੇ ਸਾਰੀ ਮਨੁੱਖਤਾ ਨੂੰ ਆਪਣੇ ਕਲਾਵੇ ਵਿਚ ਲੈਣ ਦਾ ਉਪਰਾਲਾ ਕਰੀਏ। ਤ੍ਰਾਸਦੀ ਤਾਂ ਇਹ ਹੈ ਕਿ ਅਸੀਂ ਬਾਬੇ ਨਾਨਕ ਨੂੰ ਤਾਂ ਮੰਨਦੇ ਹਾਂ ਪਰ ਬਾਬੇ ਨਾਨਕ ਦੀ ਨਹੀਂ ਮੰਨਦੇ। ਗੁਰੂ ਗ੍ਰੰਥ ਸਾਹਿਬ ਨੂੰ ਪੂਜਦੇ ਹਾਂ, ਮੱਥੇ ਟੇਕਦੇ ਹਾਂ, ਗੁਰੂ ਦੀ ਬਾਣੀ ਨੂੰ ਪੜ੍ਹਦੇ, ਸੁਣਦੇ ਵਿਚਾਰਦੇ ਹਾਂ ਪਰ ਜ਼ਿੰਦਗੀ ਵਿਚ ਢਾਲਦੇ ਨਹੀਂ। ਜੇ ਸਿੱਖ ਧਰਮ, ਜੋ ਕਿ ਇਕ ਸਰਬਸੰਸਾਰੀ ਧਰਮ ਹੈ, ਜੋ ਗੁਰੂ ਨਾਨਕ ਦੀ ਮਨੁੱਖਤਾ ਦਾ ਹੋਕਾ ਦਿੰਦਾ ਹੈ, ਨੂੰ ਸਹੀ ਅਰਥਾਂ ਵਿਚ ਸਰਬਵਿਆਪੀ ਜੋਤ ਵਾਂਗ ਜਗਾਉਣਾ ਹੈ ਤਾਂ ਸਿੱਖ ਧਰਮ ਦੇ ਆਗੂਆਂ ਨੂੰ ਇਨ੍ਹਾਂ ਪੱਖਾਂ ਉਤੇ ਵਿਚਾਰ ਕਰਨਾ ਬਣਦਾ ਹੈ।